Friday, October 10, 2008

ਉੱਚਾ ਲੰਮਾ ਗੱਭਰੂ ਤੇ ਪੱਲੇ ਠੀਕਰੀਆਂ

ਉੱਚਾ ਲੰਮਾ ਗੱਭਰੂ ਤੇ ਪੱਲੇ ਠੀਕਰੀਆਂ (ਬਾਹਰੋਂ ਫੂੰ-ਫਾਂ ਵਾਲੇ ਪਰ ਅੰਦਰੋਂ ਪੋਲੇ ਆਦਮੀ ਲਈ ਇਹ ਅਖਾਣ ਵਰਤਆ ਜਾਂਦਾ ਹੈ)- ਉਹ ਸਰੀਰ ਦਾ ਬੜਾ ਤਕੜਾ ਤੇ ਸੋਹਣਾ ਸੀ ਤੇ ਨਾਲ ਹੀ ਉਹ ਬੜਾ ਫੈਸ਼ਨ ਕਰ ਕੇ ਸਕੂਲ ਆਊਂਦਾ ਸੀ,ਪਰ ਉਸ ਨੂੰ ਨਾ ਕਿਸੇ ਨਾਲ ਇੱਜਤ ਨਾਲ ਬੋਲਣਾ ਆਉਂਦਾ ਸੀ ਤੇ ਨਾ ਉਹ ਕਿਸੇ ਪ੍ਰੀਖਿਆ ਵਿੱਚੋਂ ਪਾਸ ਹੁੰਦਾ ਸੀ। ਇਹ ਦੇਖ ਕੇ ਮੈਂ ਕਿਹਾ, "ਉੱਚਾ ਲੰਮਾ ਗੱਭਰੂ ਤੇ ਪੱਲੇ ਠੀਕਰੀਆਂ।"

Wednesday, October 8, 2008

ਉਜੜੇ ਬਾਗਾਂ ਦੇ ਗਾਲੜ ਪਟਵਾਰੀ।

ਉਜੜੇ ਬਾਗਾਂ ਦੇ ਗਾਲੜ ਪਟਵਾਰੀ\ਉਜੜੇ ਪਿੰਡ ਭੜੋਲਾ ਮਹਿਲ,ਜਿਥੇ ਦਰਖਤ ਨਾ ਉੱਥੇ ਅਰਿੰਡ ਪ੍ਰਧਾਨ (ਚੰਗੀ ਚੀਜ ਦੀ ਅਣਹੋਂਦ ਵਿਚ ਮਾੜੀ ਦੀ ਕਦਰ ਹੋਣੀ)- ਜਦੋਂ ਮੈਨੂੰ ਪਤਾ ਲੱਗਾ ਕਿ ਸਾਡੇ ਪਿੰਡ ਦੇ ਮੁਹੱਲੇ ਵਿਚੋਂ ਚੰਗੇ ਬੰਦਿਆ ਦੇ ਸ਼ਹਿਰ ਜਾ ਵਸਣ ਕਾਰਣ ਸੰਤੂ ਅਫੀਮੀ ਮੁਹੱਲੇ ਦਾ ਚੌਧਰੀ ਬਣ ਬੈਠਾ ਹੈ, ਤਾਂ ਮੈਂ ਕਿਹਾ,"ਉਜੜੇ ਬਾਗਾਂ ਦੇ ਗਾਲੜ ਪਟਵਾਰੀ।"

Tuesday, October 7, 2008

ਉਲਟਾ ਚੋਰ ਕੋਤਵਾਲ ਨੂੰ ਡਾਂਟੇ

ਉਲਟਾ ਚੋਰ ਕੋਤਵਾਲ ਨੂੰ ਡਾਂਟੇ (ਕਸੂਰਵਾਰ ਦਾ ਬੇਕਸੂਰਵਾਰ ਨੂੰ ਡਾਂਟਣਾ)-ਮੇਰੇ ਛੋਟੇ ਭਰਾ ਨੂੰ ਬੂਰੀ ਤਰਾਂ ਮਾਰ-ਕੁੱਟ ਕੇ ਸੁੱਟ ਜਾਣ ਵਾਲੇ ਜੀਤ ਨੇ ਜਦੋਂ ਥਾਣੇ ਜਾ ਕੇ ਮੇਰੇ ਭਰਾ ਦੇ ਵਿਰੁੱਧ ਹੀ ਰਿਪੋਰਟ ਲਿਖਾਉਣ ਦਾ ਯਤਨ ਕੀਤਾ,ਤਾਂ ਮੈਂ ਕਿਹਾ,"ਉਲਟਾ ਚੋਰ ਕੋਤਵਾਲ ਨੂੰ ਡਾਂਟੇ।"

Monday, October 6, 2008

ਉਹ ਦਿਨ ਡੁੱਬਾ,ਜਦੋਂ ਘੋੜੀ ਚੜਿਆ ਕੁੱਬਾ

ਉਹ ਦਿਨ ਡੁੱਬਾ,ਜਦੋਂ ਘੋੜੀ ਚੜਿਆ ਕੁੱਬਾ (ਜਿਹੜਾ ਬੰਦਾ ਆਪਣੇ ਜੋਗਾ ਹੀ ਨਹੀ ਉਸ ਨੇ ਕਿਸੇ ਹੋਰ ਦਾ ਕੰਮ ਕੀ ਸਵਾਰਨਾ ਹੈ।)- ਜਦੋਂ ਕੁਲਜੀਤ ਨੇ ਮੈਨੂੰ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਉਸ ਨੂੰ ਕਿਹਾ ਹੈ ਕਿ ਉਹ ਉਸ ਨੂੰ ਪੰਜਾਬ ਐਡ ਸਿੰਧ ਬੈਂਕ ਵਿਚ ਨੌਕਰੀ ਲੁਆ ਦੇਵੇਗਾ, ਤਾਂ ਮੈ ਹੱਸ ਕੇ ਕਿਹਾ,"ਉਹ ਦਿਨ ਡੁੱਬਾ,ਜਦੋਂ ਘੋੜੀ ਚੜਿਆ ਕੁੱਬਾ।" ਜੇਕਰ ਉਸਦੀ ਇੰਨੀ ਚਲਦੀ ਹੋਵੇ, ਤਾਂ ਉਸਦਾ ਆਪਣਾ ਪੁੱਤਰ ਬੀ.ਏ.ਪਾਸ ਕਰ ਕੇ ਇਉ ਵਿਹਲਾ ਫਿਰੇ? ਉਹ ਬੱਸ ਗੱਲਾਂ ਕਰਨ ਜੋਗਾ ਹੀ ਹੈ, ਕਰਨ ਜੋਗਾ ਕੁਝ ਨਹੀ।

Sunday, October 5, 2008

ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀ ਖਲੀ।

ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀ ਖਲੀ (ਹਰ ਥਾਂ ਖੜਪੈਂਚ ਬਣਿਆ ਰਹਿਣ ਵਾਲਾ ਆਦਮੀ)- 'ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀ ਖਲੀ ' ਦੇ ਕਹਿਣ ਅਨੁਸਾਰ ਰਾਜੂ ਸਿੰਘ ਸਾਡੇ ਪਿੰਡ ਦੇ ਹਰ ਮਸਲੇ ਵਿਚ ਪ੍ਰਧਾਨ ਹੁੰਦਾ ਹੈ-ਕੀ ਕੋਈ ਧਾਰਮਿਕ ਦੀਵਾਨ ਹੋਵੇ,ਕੀ ਕੋਈ ਪੰਚਾਇਤ ਦਾ ਮਾਮਲਾ ਹੋਵੇ,ਕੀ ਕੋਈ ਘਰੇਲੂ ਝਗੜਾ ਹੋਵੇ,ਕੀ ਵੋਟਾਂ ਮੰਗਣ ਵਾਲਿਆਂ ਨਾਲ ਘੁੰਮਣਾ ਹੋਵੇ, ਤੁਸੀ ਉਸ ਨੂੰ ਹਰ ਥਾਂ ਚੌਧਰੀ ਬਣਿਆ ਦੇਖ ਸਕਦੇ ਹੋ।